Fact Check: ਸੁਖਬੀਰ ਸਿੰਘ ਬਾਦਲ ਦਾ ਪੁਰਾਣਾ ਵੀਡੀਓ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਕਿਸਾਨਾਂ ਬਾਰੇ ਬੋਲਦੇ ਸੁਖਬੀਰ ਸਿੰਘ ਬਾਦਲ ਦਾ ਵਾਇਰਲ ਵੀਡੀਓ ਸਾਲ 2016 ਦਾ ਹੈ, ਜਿਸਨੂੰ ਹੁਣ ਹਾਲੀਆ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ। ਵੀਡੀਓ ਦਾ ਹਾਲ-ਫਿਲਹਾਲ ਨਾਲ ਕੋਈ ਸੰਬੰਧ ਨਹੀਂ ਹੈ।
- By: Jyoti Kumari
- Published: Apr 3, 2025 at 04:06 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਉਨ੍ਹਾਂ ਨੂੰ ਕਿਸਾਨਾਂ ਬਾਰੇ ਗੱਲ ਕਰਦੇ ਹੋਏ ਸੁਣਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਹਾਲੀਆ ਦੱਸ ਕੇ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਵਿਸਥਾਰ ਨਾਲ ਵਾਇਰਲ ਵੀਡੀਓ ਦੀ ਜਾਂਚ ਕੀਤੀ। ਜਾਂਚ ਵਿੱਚ ਅਸੀਂ ਪਾਇਆ ਕਿ ਸੁਖਬੀਰ ਸਿੰਘ ਬਾਦਲ ਦਾ ਇਹ ਵੀਡੀਓ ਸਾਲ 2016 ਦਾ ਹੈ, ਜਿਸਨੂੰ ਹੁਣ ਹਾਲੀਆ ਦੱਸ ਕੇ ਗੁੰਮਰਾਹਕੁੰਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ “ਬਲਵਿੰਦਰ ਸਿੰਘ ਵਿਰਕ ਵਿਰਕ” ਨੇ (ਆਰਕਾਈਵ ਲਿੰਕ) ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ,”ਰਾਜਨੀਤਕ ਪਾਰਟੀਆਂ ਦੇ ਆਗੂਆਂ ਦਾ ਕੋਈ ਸਟੈਂਡ ਨਹੀਂ ਹੁੰਦਾ ਜਦੋਂ ਸਰਕਾਰ ਚ ਹੋਣ ਉਦੋਂ ਹੋਰ ਬਿਆਨ ਦਿੰਦੇ ਆ
ਜਦੋਂ ਸੱਤਾ ਤੋਂ ਦੂਰ ਹੋਣ ਫਿਰ ਇਹਨਾਂ ਦੇ ਵਿਚਾਰ ਹੋਰ ਹੁੰਦੇ ਆ”
ਵੀਡੀਓ ਉੱਤੇ ਲਿਖਿਆ ਹੋਇਆ ਹੈ: “ਕਿਸਾਨ ਯੂਨੀਅਨ ਕਿਸਾਨ ਨਹੀਂ ਬਲਕਿ ਸਾਰੇ ਨਕਸਲੀਏ ਨੇ:- ਸੁਖਬੀਰ ਬਾਦਲ।”

ਪੜਤਾਲ
ਵਾਇਰਲ ਵੀਡੀਓ ਦੀ ਜਾਂਚ ਲਈ ਅਸੀਂ ਵੀਡੀਓ ਦੇ ਕੀਫਰੇਮ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਲੈਂਸ ਰਾਹੀਂ ਸਰਚ ਕੀਤਾ। ਸਾਨੂੰ ਵਾਇਰਲ ਵੀਡੀਓ Punjab Hulchul ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਮਿਲਿਆ। ਵੀਡੀਓ ਨੂੰ 19 ਨਵੰਬਰ 2016 ਨੂੰ ਅਪਲੋਡ ਕੀਤਾ ਗਿਆ ਹੈ। ਵੀਡੀਓ ਦੇ ਡਿਸਕ੍ਰਿਪਸ਼ਨ ਅਨੁਸਾਰ,”ਪੰਜਾਬ ਦੇ ਕਿਸਾਨ ਯੂਨੀਅਨ ‘ਤੇ ਸੁਖਬੀਰ ਬਾਦਲ ਦਾ ਵਿਵਾਦਤ ਬਿਆਨ”
ਸਾਨੂੰ ਜਗਬਾਣੀ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਵੀਡੀਓ ਨਾਲ ਜੁੜੀ ਇੱਕ ਰਿਪੋਰਟ ਮਿਲੀ। 19 ਨਵੰਬਰ 2016 ਨੂੰ ਅਪਲੋਡ ਵੀਡੀਓ ਵਿੱਚ ਦੱਸਿਆ ਗਿਆ, ਵਾਇਰਲ ਵੀਡੀਓ ਸੰਗਰੂਰ ਦਾ ਹੈ, ਜਿੱਥੇ ਸੁਖਬੀਰ ਸਿੰਘ ਬਾਦਲ ਇੱਕ ਪ੍ਰੋਗਰਾਮ ਵਿੱਚ ਪਹੁੰਚੇ ਸਨ ਅਤੇ ਉਨ੍ਹਾਂ ਨੇ ਇਹ ਬਿਆਨ ਸਤਲੁਜ-ਯਮੁਨਾ ਲਿੰਕ ਨਹਿਰ (ਐੱਸਵਾਈਐੱਲ) ਮਾਮਲੇ ‘ਤੇ ਕਿਸਾਨ ਜੱਥੇਬੰਦੀਆਂ ਦੀ ਸੋਚ ‘ਤੇ ਦਿੱਤਾ ਸੀ। ਬਾਅਦ ਵਿੱਚ ਉਨ੍ਹਾਂ ਨੇ ਆਪਣੇ ਸ਼ਬਦਾਂ ‘ਤੇ ਸਫਾਈ ਦਿੰਦੇ ਹੋਏ ਇਹ ਸਾਫ ਕੀਤਾ ਕਿ ਇਹ ਬਿਆਨ ਉਨ੍ਹਾਂ ਲਈ ਹੈ, ਜੋ ਪੰਜਾਬ ਦੇ ਪਾਣੀ ਦਾ ਨੁਕਸਾਨ ਚਾਹੁੰਦੇ ਨੇ, ਨਾ ਕਿ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨ ਵਾਲਿਆਂ ਖਿਲਾਫ”
ਵੀਡੀਓ ਵਿੱਚ 18 ਸੈਕਿੰਡ ਤੋਂ ਵਾਇਰਲ ਵੀਡੀਓ ਦੇ ਹਿੱਸੇ ਨੂੰ ਦੇਖਿਆ ਜਾ ਸਕਦਾ ਹੈ।
ਸਾਨੂੰ ਵਾਇਰਲ ਵੀਡੀਓ ਨਾਲ ਮਿਲਦਾ–ਜੁਲਦਾ ਵੀਡੀਓ ਪੰਜਾਬ ਕੇਸਰੀ ਟੀਵੀ ਦੇ ਯੂਟਿਊਬ ਚੈਨਲ ‘ਤੇ ਮਿਲਾ। 18 ਨਵੰਬਰ 2016 ਨੂੰ ਅਪਲੋਡ ਵੀਡੀਓ ‘ਚ ਸੁਖਬੀਰ ਸਿੰਘ ਬਾਦਲ ਨਾਲ ਉਹੀ ਲੋਕ ਨਜ਼ਰ ਆ ਰਹੇ ਹਨ, ਜੋ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੇ ਹਨ।
ਵਾਇਰਲ ਵੀਡੀਓ ਨੂੰ ਕਈ ਫੇਸਬੁੱਕ ਯੂਜ਼ਰਸ ਨੇ ਸਾਲ 2021 ਵਿੱਚ ਸ਼ੇਅਰ ਕੀਤਾ ਸੀ, ਜਿਸਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਅਸੀਂ ਵੀਡੀਓ ਨੂੰ ਲੈ ਕੇ ਪੰਜਾਬੀ ਜਾਗਰਣ, ਸੰਗਰੂਰ ਦੇ ਜਿਲਾ ਪ੍ਰਭਾਰੀ ਬਲਜੀਤ ਸਿੰਘ ਟਿੱਬਾ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਦਾ ਇਹ ਵੀਡੀਓ ਪੁਰਾਣਾ ਹੈ ਅਤੇ ਕਿਸੇ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਇਹ ਬਿਆਨ ਦਿੱਤਾ ਸੀ।
ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਪਤਾ ਲੱਗਿਆ ਕਿ ਯੂਜ਼ਰ ਨੂੰ 16 ਹਜਾਰ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਕਿਸਾਨਾਂ ਬਾਰੇ ਬੋਲਦੇ ਸੁਖਬੀਰ ਸਿੰਘ ਬਾਦਲ ਦਾ ਵਾਇਰਲ ਵੀਡੀਓ ਸਾਲ 2016 ਦਾ ਹੈ, ਜਿਸਨੂੰ ਹੁਣ ਹਾਲੀਆ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ। ਵੀਡੀਓ ਦਾ ਹਾਲ-ਫਿਲਹਾਲ ਨਾਲ ਕੋਈ ਸੰਬੰਧ ਨਹੀਂ ਹੈ।
- Claim Review : ਸੁਖਬੀਰ ਸਿੰਘ ਬਾਦਲ ਦਾ ਇਹ ਵੀਡੀਓ ਹਾਲੀਆ ਹੈ।
- Claimed By : FB User-ਬਲਵਿੰਦਰ ਸਿੰਘ ਵਿਰਕ ਵਿਰਕ
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











